ਚੋਟੀ ਦੇ ਟੇਬਲ ਟੈਨਿਸ ਖਿਡਾਰੀਆ ਵਿੱਚੋ ਇੱਕ 18 ਸਾਲਾਂ ਵਿਸ਼ਵਾ ਦੀਨਦਿਆਲਨ ਦੀ ਬੀਤੇ ਦਿਨੀਂ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਤਾਮਿਲਨਾਡੂ ਦੇ ਟੇਬਲ ਟੈਨਿਸ ਖਿਡਾਰੀ ਟੈਕਸੀ ਰਾਹੀਂ ਗੁਹਾਟੀ ਤੋਂ ਸ਼ਿਲਾਂਗ ਜਾ ਰਹੇ ਸਨ। ਰਸਤੇ ਵਿੱਚ ਇੱਕ 12 ਪਹੀਆ ਵਾਹਨ ਟਰਾਲੇ ਨੇ ਉਸਦੀ ਟੈਕਸੀ ਨੂੰ ਟੱਕਰ ਮਾਰ ਦਿੱਤੀ। ਟੈਕਸੀ ਡਰਾਈਵਰ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਵਿਸ਼ਵਾ ਨੂੰ ਹਸਪਤਾਲ ‘ਚ ਮ੍ਰਿਤਕ ਐਲਾਨ ਦਿੱਤਾ ਗਿਆ।

ਤਾਮਿਲਨਾਡੂ ਦੇ ਵਿਸ਼ਵਾ ਦੀਨਦਿਆਲਨ (ਵਿਸ਼ਵਾ ਡੀ) ਇੱਕ ਰਾਸ਼ਟਰੀ ਸਬ ਜੂਨੀਅਰ ਅਤੇ ਕੈਟਡ ਜੇਤੂ ਪੈਡਲਰ ਸਨ ਜੋ ਕਿ 83ਵੀਂ ਰਾਸ਼ਟਰੀ ਟੇਬਲ ਟੈਨਿਸ ਚੈਂਪੀਅਨਸ਼ਿਪ ਵਿੱਚ ਖੇਡਣ ਜਾ ਰਿਹਾ ਸੀ। ਇਸ ਦਰਦਨਾਕ ਹਾਦਸੇ ‘ਚ ਵਿਸ਼ਵਾ ਦੇ ਤਿੰਨ ਸਾਥੀ ਖਿਡਾਰੀ ਜ਼ਖਮੀ ਹੋ ਗਏ ਹਨ, ਜਿਨ੍ਹਾਂ ‘ਚ ਸਿਰਫ ਇਕ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਵਰਲਡ ਨੈਸ਼ਨਲ ਟੇਬਲ ਟੈਨਿਸ ਵਿਚ ਖੇਡਣ ਤੋਂ ਬਾਅਦ 27 ਅਪ੍ਰੈਲ ਨੂੰ ਉਹ ਵਿਸ਼ਵ ਟੇਬਲ ਟੈਨਿਸ ਦੇ ਯੁਵਾ ਦਾਅਵੇਦਾਰਾਂ ਵਿਚ ਖੇਡਣ ਲਈ ਭਾਰਤੀ ਟੀਮ ਨਾਲ ਆਸਟ੍ਰੀਆ ਜਾ ਰਿਹਾ ਸੀ।
ਦੱਸ ਦਈਏ ਕਿ ਜ਼ਖ਼ਮੀ ਖਿਡਾਰੀਆਂ ਵਿੱਚ ਤਾਮਿਲਨਾਡੂ ਦੇ ਰਮੇਸ਼ ਕੁਮਾਰ, ਅਬਿਨਾਸ਼ ਸ੍ਰੀਨਿਵਾਸਨ ਅਤੇ ਕਿਸ਼ੋਰ ਕੁਮਾਰ ਸ਼ਾਮਲ ਹਨ। ਟੇਬਲ ਟੈਨਿਸ ਫੈਡਰੇਸ਼ਨ ਆਫ ਇੰਡੀਆ ਦੀ ਕਮੇਟੀ ਆਫ ਐਡਮਿਨਿਸਟ੍ਰੇਟਰਜ਼ ਦੀ ਚੇਅਰਪਰਸਨ ਜਸਟਿਸ ਗੀਤਾ ਮਿੱਤਲ ਨੇ ਹਾਦਸੇ ‘ਤੇ ਦੁੱਖ ਪ੍ਰਗਟ ਕੀਤਾ ਅਤੇ ਜ਼ਖਮੀ ਕਿਸ਼ੋਰ ਕੁਮਾਰ ਨਾਲ ਵੀ ਗੱਲਬਾਤ ਕੀਤੀ।












