ਚੰਡੀਗੜ੍ਹ : – ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਸੋਮਵਾਰ ਨੂੰ ਪੰਜਾਬ ਰੋਡਵੇਜ਼ ਦੇ ਡਾਇਰੈਕਟਰ ਵਜੋਂ ਤਾਇਨਾਤ ਸੀਨੀਅਰ ਆਈਏਐਸ ਅਧਿਕਾਰੀ ਪਰਮਜੀਤ ਸਿੰਘ ਨੂੰ ਤਰੱਕੀ ਲਈ ਇੱਕ ਅਧਿਕਾਰੀ ਦੇ ਨਾਮ ਦੀ ਸਿਫ਼ਾਰਸ਼ ਕਰਨ ਲਈ ਕਥਿਤ ਤੌਰ ‘ਤੇ 2 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਵਿੱਚ ਕਾਬੂ ਕੀਤਾ। ਸੀ.ਬੀ.ਆਈ.ਨੇ ਪੰਜਾਬ ਦੇ ਇਕ ਆਈ.ੲੈ.ਐੱਸ. ਅਧਿਕਾਰੀ ਨੂੰ 2 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ।
ਸੀਬੀਆਈ ਦੇ ਬੁਲਾਰੇ ਆਰਸੀ ਜੋਸ਼ੀ ਨੇ ਕਿਹਾ, “ਇਹ ਵੀ ਦੋਸ਼ ਲਗਾਇਆ ਗਿਆ ਸੀ ਕਿ ਮੁਲਜ਼ਮ ਨੇ ਸ਼ਿਕਾਇਤਕਰਤਾ ਤੋਂ ਜਨਰਲ ਮੈਨੇਜਰ ਦੇ ਅਹੁਦੇ ‘ਤੇ ਤਰੱਕੀ ਲਈ ਪ੍ਰਮੁੱਖ ਸਕੱਤਰ, ਟਰਾਂਸਪੋਰਟ, ਪੰਜਾਬ ਸਰਕਾਰ ਨੂੰ ਉਸਦੇ ਨਾਮ ਦੀ ਸਿਫ਼ਾਰਸ਼ ਕਰਨ ਲਈ 5 ਲੱਖ ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਸੀ।”
ਜੋਸ਼ੀ ਨੇ ਕਿਹਾ, “ਉਕਤ ਡਾਇਰੈਕਟਰ (ਸਿੰਘ), ਪੰਜਾਬ ਰੋਡਵੇਜ਼, ਚੰਡੀਗੜ੍ਹ ਨੇ ਕਥਿਤ ਤੌਰ ‘ਤੇ ਸ਼ਿਕਾਇਤਕਰਤਾ ਨੂੰ ਰਿਸ਼ਵਤ ਦੀ ਰਕਮ ਅਦਾ ਨਾ ਕਰਨ ਦੀ ਸੂਰਤ ਵਿੱਚ ਨਤੀਜੇ ਭੁਗਤਣ ਦੀ ਧਮਕੀ ਦਿੱਤੀ ਸੀ।
ਜੋਸ਼ੀ ਨੇ ਕਿਹਾ ਕਿ ਸ਼ਿਕਾਇਤ ਮਿਲਣ ਅਤੇ ਮੁੱਢਲੀ ਤਸਦੀਕ ਤੋਂ ਬਾਅਦ, ਸੀਬੀਆਈ ਨੇ ਉਸ ਥਾਂ ‘ਤੇ ਜਾਲ ਵਿਛਾਇਆ ਜਿੱਥੇ ਕਥਿਤ ਰਿਸ਼ਵਤ ਦੀ ਰਕਮ ਅਦਾ ਕੀਤੀ ਜਾਣੀ ਸੀ।
ਸੀ.ਬੀ.ਆਈ.ਅਧਿਕਾਰੀਆਂ ਅਨੁਸਾਰ ਪੰਜਾਬ ਰੋਡਵੇਜ਼ ਦੇ ਡਾਇਰੈਕਟਰ ਵਜੋਂ ਤਾਇਨਾਤ ਸ:ਪਰਮਜੀਤ ਸਿੰਘ ਆਈ.ਏ.ਐਸ. ਨੇ ਰੋਡਵੇਜ਼ ਦੇ ਇਕ ਅਧਿਕਾਰੀ ਦੀ ਜਨਰਲ ਮੈਨੇਜਰ ਵਜੋਂ ਪਦਉੱਨਤੀ ਲਈ 5 ਲੱਖ ਰੁਪਏ ਦੀ ਰਿਸ਼ਵਤ ਮੰਗੀ ਸੀ ਅਤੇ ਸ਼ਿਕਾਇਤ ਕਰਤਾ ਅਧਿਕਾਰੀ ਨੇ 2 ਲੱਖ ਰੁਪਏ ਵਿੱਚ ਸੌਦਾ ਕਰਕੇ ਇਸ ਬਾਰੇ ਸ਼ਿਕਾਇਤ ਸੀ.ਬੀ.ਆਈ. ਨੂੰ ਕੀਤੀ ਸੀ।
ਸ਼ਿਕਾਇਤ ਕਰਤਾ ਅਨੁਸਾਰ ਉਕਤ ਅਧਿਕਾਰੀ ਜੋ ਵਿਭਾਗ ਵੱਲੋਂ ਜਨਵਰੀ ਵਿੱਚ ਬਣਾਈ ਗਈ ਕਮੇਟੀ ਦਾ ਮੁਖ਼ੀ ਸੀ, ਨੇ ਉਸਨੂੰ ਧਮਕਾਇਆ ਸੀ ਕਿ ਜੇ ਉਸਨੂੰ ਇਹ ਰਕਮ ਨਾ ਦਿੱਤੀ ਗਈ ਤਾਂ ਉਸਨੂੂੰ ਨਤੀਜੇ ਭੁਗਤਣੇ ਪੈਣਗੇ।
ਇਕ ਸੀਨੀਅਰ ਸੀ.ਬੀ.ਆਈ. ਅਧਿਕਾਰੀ ਅਨੁਸਾਰ ਸ਼ਿਕਾਇਤ ਮਿਲਣ ’ਤੇ ਕੇਸ ਦਰਜ ਕੀਤਾ ਗਿਆ ਅਤੇ ਆਈ.ਏ.ਐੱਸ. ਅਧਿਕਾਰੀ ਦੇ ਖਿਲਾਫ਼ ਦੋਸ਼ ਹੋਣ ਕਰਕੇ ਸੀ.ਬੀ.ਆਈ. ਦੇ ਸੀਨੀਅਰ ਅਧਿਕਾਰੀਆਂ ਦੀ ਇਕ ਟੀਮ ਬਣਾਈ ਗਈ ਅਤੇ ਦੋਸ਼ੀ ਨੂੰ ਰੰਗੇ ਹੱਥੀਂ ਫ਼ੜਨ ਦਾ ਫ਼ੈਸਲਾ ਲੈਂਦਿਆਂ ਜਾਲ ਵਿਛਾ ਕੇ ਉਸਨੂੰ ਰਿਸ਼ਵਤ ਦੀ ਰਕਮ ਲੈਂਦੇ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ ਗਿਆ।
ਪਤਾ ਲੱਗਾ ਹੈ ਕਿ ਉਕਤ ਆਈ.ਏ.ਐਸ. ਅਧਿਕਾਰੀ ਦੇ ਚੰਡੀਗੜ੍ਹ ਅਤੇ ਮੋਹਾਲੀ ਸਥਿਤ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।











