ਮੋਗਾ ਜ਼ਿਲ੍ਹੇ ਵਿਚ ਕੋਟ ਈਸੇ ਖਾਂ ਦੇ ਨੇੜੇ ਪਿੰਡ ਗਗੜਾ ਕੋਲ ਦਰਦਨਾਕ ਸਾਹਦਸਾ ਵਾਪਰ ਗਿਆ। ਮੰਗਲਵਾਰ ਦੁਪਹਿਰ 12:30 ਵਜੇ ਦੇ ਕਰੀਬ ਐੱਸਯੂਵੀ ਤੇ ਕਿਆ ਕਾਰ ਦੀ ਆਹਮੋ-ਸਾਹਮਣੇ ਹੋਈ ਭਿਆਨਕ ਟੱਕਰ ਵਿਚ ਔਰਤ ਸਣੇ ਦੋ ਲੋਕਾਂ ਦੀ ਮੌਤ ਹੋ ਗਈ, ਜਦਕਿ ਇੱਕ ਵਿਅਕਤੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵੇਂ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ, ਇੱਕ ਕਾਰ ਸੜਕ ਤੋਂ ਕਰੀਬ 10 ਫੁੱਟ ਹੇਠਾਂ ਜਾ ਡਿੱਗੀ।
ਕੋਟ ਈਸੇ ਖਾਂ ਥਾਣੇ ਦੇ ASI ਨਛੱਤਰ ਸਿੰਘ ਵਿਰਕ ਨੇ ਦੱਸਿਆ ਕਿ ਪਿੰਡ ਗਗੜਾ ਨੇੜੇ ਇੱਕ SUV ਅਤੇ ਇੱਕ Kia ਕਾਰ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਇਸ ਹਾਦਸੇ ਵਿੱਚ ਔਰਤ ਮਨਦੀਪ ਕੌਰ ਅਤੇ ਡਰਾਈਵਰ ਕੁਲਦੀਪ ਸਿੰਘ ਦੀ ਮੌਤ ਹੋ ਗਈ, ਜਦੋਂ ਕਿ ਇੱਕ ਹੋਰ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ।
ਮੁੱਢਲੀ ਜਾਣਕਾਰੀ ਮੁਤਾਬਕ Kia ਕਾਰ ਵਿੱਚ ਸਵਾਰ ਲੋਕ ਹਰਿਆਣਾ ਦੇ ਫਤਿਹਾਬਾਦ ਜ਼ਿਲ੍ਹੇ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਜ਼ਖਮੀ ਵਿਅਕਤੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਦੂਜੀ SUV ਗੁਰਦਾਸਪੁਰ ਜ਼ਿਲ੍ਹੇ ਦੇ ਬਟਾਲਾ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਸ੍ਰੀ ਦਰਬਾਰ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਜਾ ਰਹੇ ਸਨ।
ਹਾਦਸੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਦੋਵਾਂ ਵਾਹਨਾਂ ਵਿਚਕਾਰ ਆਹਮੋ-ਸਾਹਮਣੇ ਟੱਕਰ ਦੇ ਆਲੇ-ਦੁਆਲੇ ਦੇ ਹਾਲਾਤਾਂ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਹਾਦਸੇ ਨਾਲ ਸਬੰਧਤ ਤੱਥਾਂ ਅਤੇ ਹੋਰ ਜਾਣਕਾਰੀ ਦੀ ਜਾਂਚ ਕਰ ਰਹੀ ਹੈ।
ਇਸ ਭਿਆਨਕ ਸੜਕ ਹਾਦਸੇ ਵਿੱਚ ਦੋ ਜਾਨਾਂ ਜਾਣ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਪੁਲਿਸ ਜਾਂਚ ਤੋਂ ਬਾਅਦ ਹਾਦਸੇ ਦੇ ਕਾਰਨਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਹਮਣੇ ਆਉਣ ਦੀ ਉਮੀਦ ਹੈ।












